ਇੱਕ ਵੱਡੀ ਉਲਟ ਜਾਪਦੀ ਗੱਲ

ਮੈਂ ਜਾਣਦਾ ਹਾਂ ਕਿ ਇਹ ਏ.ਏ. ਦੀ ਇੱਕ ਬਹੁਤ ਉਲਟ ਜਾਪਦੀ ਗੱਲ ਹੈ ਕਿ ਮੈਂ ਸੋਫੀਪਨ ਦੇ ਕੀਮਤੀ ਤੋਹਫੇ ਨੂੰ ਨਹੀਂ ਰੱਖ ਸਕਦਾ ਜਦ ਤੱਕ ਕਿ ਮੈਂ ਇਸਨੂੰ ਵੰਡ ਨਹੀਂ ਦਿੰਦਾ ।
ਮੇਰਾ ਮੁੱਖ ਉਦੇਸ਼ ਸੋਫੀ ਰਹਿਣਾ ਹੈ । ਏ.ਏ. ਵਿੱਚ ਮੇਰਾ ਹੋਰ ਕੋਈ ਟੀਚਾ ਨਹੀਂ ਅਤੇ ਇਸ ਦੀ ਮਹੱਤਤਾ ਮੇਰੇ ਲਈ ਜ਼ਿੰਦਗੀ, ਮੌਤ ਦਾ ਸੁਆਲ ਹੈ । ਜੇ ਮੈਂ ਇਸ ਮਕਸਦ ਤੋਂ ਇੱਧਰ-ਉੱਧਰ ਹੁੰਦਾ ਹਾਂ ਤਾਂ ਮੇਰਾ ਨੁਕਸਾਨ ਹੁੰਦਾ ਹੈ । ਪਰ ਏ.ਏ. ਸਿਰਫ ਮੇਰੇ ਲਈ ਹੀ ਨਹੀਂ, ਇਹ ਹਰ ਉਸ ਸ਼ਰਾਬੀ ਲਈ ਹੈ, ਜੋ ਅਜੇ ਵੀ ਪੀੜਿਤ ਹੈ । ਠੀਕ ਹੋ ਰਹੇ ਸ਼ਰਾਬੀਆਂ ਦਾ ਸਮੂਹ, ਆਪਣੇ ਸਾਥੀ ਸ਼ਰਾਬੀਆਂ ਨਾਲ ਸਾਂਝ ਕਰਕੇ ਸੋਫੀ ਰਹਿੰਦਾ ਹੈ । ਮੇਰੀ ਰੋਗਮੁਕਤੀ ਦਾ ਤਰੀਕਾ ਇਹੋ ਹੈ ਕਿ ਮੈਂ ਏ.ਏ. ਵਿੱਚ ਦੂਜਿਆਂ ਨੂੰ ਵਿਖਾਵਾਂ ਕਿ ਜਦੋਂ ਮੈਂ ਉਹਨਾਂ ਨਾਲ ਸਾਂਝ ਕਰਦਾ ਹਾਂ ਤਾਂ ਆਪਣੇ ਤੋਂ ਵੱਡੀ ਸ਼ਕਤੀ ਦੀ ਮਿਹਰ ਹੇਠ ਸਾਡੇ ਦੋਹਾਂ ਦਾ ਵਿਕਾਸ ਹੁੰਦਾ ਹੈ ਅਤੇ ਅਸੀਂ ਦੋਵੇਂ ਇੱਕ ਖੁਸ਼ਹਾਲ ਭਵਿੱਖ ਦੇ ਮਾਰਗ ਤੇ ਹੁੰਦੇ ਹਾਂ ।

ਦੋ “ਸ਼ਾਨਦਾਰ ਕਦਰਾਂ-ਕੀਮਤਾਂ”

ਦੂਜਿਆਂ ਦੇ ਵਿਚਾਰਾਂ, ਪ੍ਰਾਪਤੀਆਂ ਅਤੇ ਅਧਿਕਾਰਾਂ ਨੂੰ ਸਵੀਕਾਰ ਕਰਨ ਅਤੇ ਉਹਨਾਂ ਦਾ ਸਨਮਾਨ ਕਰਨਾ ਅਤੇ ਆਪਣੀਆਂ ਗਲਤੀਆਂ ਨੂੰ ਮੰਨ ਲੈਣਾ ਹੀ, ਮੈਨੂੰ ਨਿਮਰਤਾ ਦਾ ਰਾਹ ਵਿਖਾਉਂਦਾ ਹੈ । ਏ.ਏ. ਦੇ ਸਿਧਾਂਤਾਂ ਨੂੰ ਆਪਣੇ ਸਾਰੇ ਕੰਮਾਂ-ਕਾਜਾਂ ਵਿੱਚ ਅਮਲ ਵਿੱਚ ਲਿਆਉਣਾ, ਮੈਨੂੰ ਜ਼ਿੰਮਵਾਰ ਬਣਨ ਲਈ, ਮੇਰਾ ਮਾਰਗ-ਦਰਸ਼ਨ ਕਰਦਾ ਹੈ । ਇਹਨਾਂ ਕਦਰਾਂ-ਕੀਮਤਾਂ ਦਾ ਸਨਮਾਨ ਚੌਥੀ ਪਰੰਪਰਾ ਵਿੱਚ ਅਤੇ ਇਸ ਭਾਇਚਾਰੇ ਦੀਆਂ ਹੋਰ ਪਰੰਪਰਾਵਾਂ ਵਿੱਚ ਵਿਸ਼ਵਾਸ ਪੈਦਾ ਕਰਦਾ ਹੈ । ਅਲਕੋਹੋਲਿਕਸ ਅਨੌਨੀਮਸ ਨੇ ਜ਼ਿੰਦਗੀ ਦਾ ਇੱਕ ਅਜਿਹਾ ਫਲਸਫਾ ਬਣਾਇਆ ਹੈ, ਜਿਹੜਾ ਚੰਗੀਆਂ ਧਾਰਨਾਵਾਂ, ਬਹੁਤ ਉੱਚਿਤ ਸਿਧਾਂਤਾਂ ਅਤੇ ਨੈਤਿਕ-ਮੁੱਲਾਂ ਨਾਲ ਭਰਪੂਰ ਹੈ, ਜੋ ਜ਼ਿੰਦਗੀ ਦਾ ਇੱਕ ਅਜਿਹਾ ਨਜ਼ਰੀਆ ਹੈ ਜਿਸਦਾ ਵਿਸਥਾਰ ਸ਼ਰਾਬੀਆਂ ਦੇ ਦਾਇਰੇ ਤੋਂ ਬਾਹਰ ਵੀ ਕੀਤਾ ਜਾ ਸਕਦਾ ਹੈ । ਇਹਨਾਂ ਕਦਰਾਂ-ਕੀਮਤਾਂ ਦਾ ਸਨਮਾਨ ਕਰਨ ਲਈ , ਮੈਨੂੰ ਲੋੜ ਹੈ ਅਰਦਾਸ ਕਰਨ ਦੀ ਅਤੇ ਆਪਣੇ ਸਾਥੀਆਂ ਦਾ ਇੰਝ ਧਿਆਨ ਕਰਨ ਦੀ, ਜਿਵੇਂ ਉਹਨਾਂ ਵਿੱਚੋਂ ਹਰ ਕੋਈ ਮੇਰਾ ਭਰਾ ਹੋਵੇ ।

ਆਨੰਦਮਈ ਭਰੀਆਂ ਖੋਜਾਂ

ਸੋਫੀਪਨ ਆਨੰਦਮਈ ਖੋਜ ਦੀ ਯਾਤਰਾ ਹੈ । ਹਰ ਦਿਨ ਨਵਾਂ ਤਜ਼ਰਬਾ, ਜਾਣਕਾਰੀ, ਜ਼ਿਆਦਾ ਆਸ, ਗਹਿਰਾ ਵਿਸ਼ਵਾਸ, ਵਿਸ਼ਾਲ ਸਹਿਣਸ਼ੀਲਤਾ ਲਿਆਉਂਦਾ ਹੈ । ਮੇਰੇ ਲਈ ਇਹਨਾਂ ਗੁਣਾਂ ਨੂੰ ਬਣਾਈ ਰੱਖਣਾ ਜ਼ਰੂਰੀ ਹੈ ਨਹੀਂ ਤਾਂ ਅੱਗੇ ਦੇਣ ਲਈ ਮੇਰੇ ਕੋਲ ਕੁਝ ਨਹੀਂ ਹੋਵੇਗਾ ।
ਇੱਕ ਠੀਕ ਹੋ ਰਹੇ ਸ਼ਰਾਬੀ ਲਈ, ਰੱਬ ਦੀ ਕ੍ਰਿਪਾਲਤਾ ਸਦਕਾ, ਇੱਕ ਹੋਰ ਦਿਨ ਜੀਉਣ ਦੇ ਸਮਰੱਥ ਹੋਣਾ ਅਤੇ ਹਰ ਰੋਜ਼ ਮਿਲਣ ਵਾਲੇ ਸਧਾਰਨ ਜਿਹੇ ਆਨੰਦ ਹੀ, ਸ਼ਾਨਦਾਰ ਘਟਨਾਵਾਂ ਹਨ ।

ਸਵਾਲ ਖੁਸ਼ੀ ਦਾ ਨਹੀਂ

“ਖੁਸ਼ੀ ਰਹਿਣ” ਦੀ ਭਾਲ ਵਿੱਚ ਮੈਂ ਨੌਕਰੀਆਂ ਬਦਲੀਆਂ, ਵਿਆਹ ਕਰਵਾਏ ਅਤੇ ਤਲਾਕ ਦਿੱਤੇ, ਥਾਵਾਂ ਬਦਲੀਆਂ ਅਤੇ ਆਪਣੇ ਆਪ ਨੂੰ ਆਰਥਿਕ, ਭਾਵਨਾਤਮਿਕ ਅਤੇ ਅਧਿਆਤਮਿਕਤਾ ਦੇ ਕਰਜ਼ੇ ਹੇਠ ਦੱਬ ਗਿਆ । “ਏ.ਏ.” ਵਿੱਚ ਮੈਂ ਇਹਨਾਂ ਚੋਂ ਉਭਰਨਾ ਸਿੱਖ ਰਿਹਾ ਹਾਂ । ਲੋਕਾਂ, ਥਾਵਾਂ ਅਤੇ ਹੋਰ ਚੀਜ਼ਾਂ ਤੋਂ ਖੁਸ਼ੀ ਮੰਗਣ ਦੀ ਬਜਾਏ ਮੈਂ ਰੱਬ ਤੋਂ ਆਪਣੇ ਆਪ ਨੂੰ ਸਵੀਕਾਰ ਕਰਨਾ ਮੰਗ ਸਕਦਾ ਹਾਂ । ਜਦ ਮੇਰੇ ਉੱਤੇ ਕੋਈ ਮੁਸੀਬਤ ਆ ਜਾਂਦੀ ਹੈ, ਤਾਂ ਏ.ਏ. ਦੇ ਬਾਰਾਂ ਕਦਮ ਮੈਨੂੰ ਉਸ ਪੀੜ ਚੋਂ ਉਭਰਨ ਚ ਮਦਦ ਕਰਦੇ ਹਨ । ਇਸ ਤੋਂ ਜੋ ਜਾਣਕਾਰੀ ਮੈਨੂੰ ਮਿਲਦੀ ਹੈ ਉਹ, ਉਹਨਾਂ ਲੋਕਾਂ ਲਈ ਤੋਹਫਾ ਹੋ ਸਕਦੀ ਹੈ, ਜੋ ਉਹੋ ਜਿਹੀ ਸਮੱਸਿਆ ਤੋਂ ਪੀੜਤ ਹੋਣ । ਜਿਵੇਂ ਬਿੱਲ ਨੇ ਕਿਹਾ ਸੀ, “ਜਦੋਂ ਦੁੱਖ ਆਉਂਦੇ ਹਨ, ਸਾਨੂੰ ਉਹਨਾਂ ਤੋਂ ਖੁਸ਼ੀ ਖੁਸ਼ੀ ਕੁੱਝ ਸਿੱਖਣਾ ਚਾਹੀਦਾ ਹੈ, ਅਤੇ ਦੂਜਿਆਂ ਦੀ ਸਿੱਖਣ ਵਿੱਚ ਮਦਦ ਕਰਨੀ ਚਾਹੀਦੀ ਹੈ । ਜਦੋਂ ਖੁਸ਼ੀ ਆਉਂਦੀ ਹੈ, ਅਸੀਂ ਇਸ ਨੂੰ ਇੱਕ ਤੋਹਫਾ ਸਮਝ ਕੇ ਸਵੀਕਾਰ ਕਰਦੇ ਹਾਂ, ਅਤੇ ਇਸ ਲਈ ਰੱਬ ਦਾ ਧੰਨਵਾਦ ਕਰਦੇ ਹਾਂ ।