ਫੋਨ

+1 778 381 5686

ਈ - ਮੇਲ

care@soberlife.ca

ਨਸ਼ਿਆਂ ਦਾ ਵਹਿੰਦਾ ਦਰਿਆ

ਨਸ਼ਾ ਉਹ ਪਦਾਰਥ ਹੈ ਜੋ ਇਨਸਾਨ ਦੀ ਜ਼ਿੰਦਗੀ ਦਾ ਹਰ ਉਹ ਪੱਖ ਤਬਾਹ ਕਰ ਦਿੰਦਾ ਹੈ ਜਿਸਨੂੰ ਇਨਸਾਨ ਖੁਸ਼ਹਾਲ ਬਣਾਉਣਾ ਚਾਹੁੰਦਾ ਹੈ । ਅੱਜ ਦੇ ਸੰਸਾਰ ਵਿੱਚ ਹਰ ਇਨਸਾਨ ਆਰਾਮ ਦੀ ਭਾਵਨਾ ਭਾਲਦਾ ਹੈ, ਪਰ ਕਿਸ ਵਕਤ ਇਹ ਨਸ਼ਾ ਚੜਦੀ ਜਵਾਨੀ ਵਿੱਚ ਇਨਸਾਨ ਦੀ ਜ਼ਿੰਦਗੀ ਨੂੰ ਬਰਬਾਦੀ ਦੇ ਕੰਢੇ ਤੇ ਲੈ ਜਾਵੇ, ਖੁਦ ਇਨਸਾਨ ਨੂੰ ਵੀ ਪਤਾ ਨਹੀਂ ਚੱਲਦਾ । ਸੰਸਾਰ ਵਿੱਚ ਲੱਖਾਂ ਹੀ ਅਜਿਹੇ ਲੋਕ ਹਨ ਜੋ ਨਸ਼ੇ ਵਰਗੀ ਭਿਅੰਕਰ ਬਿਮਾਰੀ ਦੇ ਦਲਦਲ ਵਿੱਚ ਫਸੇ ਹੋਏ ਹਨ । ਹਰ ਇਨਸਾਨ ਲਈ ਨਸ਼ੇ ਦੀ ਜਕੜ ਵਿੱਚ ਆਉਣਾ ਤਾਂ ਬਹੁਤ ਸੌਖਾ ਹੁੰਦਾ ਹੈ, ਪਰ ਜਿਸ ਵਕਤ ਇਨਸਾਨ ਦਾ ਸਭ ਕੁਝ ਤਬਾਹ ਹੋ ਜਾਂਦਾ ਹੈ ਤਾਂ ਉਸ ਵਕਤ ਉਸਨੂੰ ਅੱਖਾਂ ਮੂਹਰੇ ਹਨੇਰਾ ਹੀ ਹਨੇਰਾ ਦਿਸਦਾ ਹੈ । ਸ਼ਾਇਦ ਇਸ ਵਕਤ ਇਨਸਾਨ ਲਈ ਨਸ਼ੇ ਤੋਂ ਰੋਗ ਮੁਕਤ ਹੋਣਾ ਬਹੁਤ ਔਖਾ ਹੋ ਜਾਂਦਾ ਹੈ ਅਤੇ ਨਾਲ ਦੀ ਨਾਲ ਬਹੁਤ ਦੇਰੀ ਵੀ । ਸ਼ਾਇਦ ਥੋੜੇ ਜਿਹੇ ਪਲ ਦਾ ਸੁਆਦ ਹੀ, ਤੁਹਾਡੇ ਕੋਲੋਂ ਤੁਹਾਡੀ ਜ਼ਿੰਦਗੀ ਖੋਹ ਕੇ ਲੈ ਜਾਵੇ । ਹਰ ਇਨਸਾਨ ਬਚਪਨ ਤੋਂ ਹੀ ਰੰਗੀਨ ਸੁਪਨੇ ਲੈ ਕੇ ਅੱਗੇ ਵਧਦਾ ਹੈ, ਪਰ ਕਿਸ ਵਕਤ ਉਸ ਦੀ ਜ਼ਿੰਦਗੀ ਵਿੱਚ ਨਸ਼ੇ ਦਾ ਅਜਿਹਾ ਮੋੜ ਆ ਜਾਵੇ, ਜਦ ਉਹ ਆਪਣਾ ਸਭ ਕੁਝ ਭੁੱਲਾ ਕੇ ਨਸ਼ੇ ਨੂੰ ਹੀ ਪਹਿਲ ਦੇਣਾ ਚੰਗਾ ਸਮਝਦਾ ਹੈ । ਨਸ਼ਾ ਭਾਵੇਂ ਇਕ ਪਲ ਦਾ ਸਰੂਰ ਦੇਵੇ ਜਾਂ ਭਾਵੇਂ ਲੰਮੇ ਸਮੇਂ ਲਈ ਪਰ ਕਿਸ ਵਕਤ ਤੁਹਾਨੂੰ ਇਹ ਨਸ਼ਾ ਕੱਖੋਂ ਹੌਲਾ ਕਰ ਦੇਵੇ ਤੁਹਾਨੂੰ ਖੁਦ ਨੂੰ ਹੀ ਪਤਾ ਨਹੀਂ ਚੱਲਦਾ ।

ਹਰ ਇਨਸਾਨ ਦਾ ਜ਼ਿੰਦਗੀ ਵਿੱਚ ਕਾਮਯਾਬ ਸੁਪਨੇ ਅਤੇ ਚੰਗਾ ਮੁਕਾਮ ਹਾਸਿਲ ਕਰਨਾ ਨੈਤਿਕ ਫਰਜ਼ ਹੁੰਦਾ ਹੈ । ਪਰ ਨਸ਼ਾ ਇਨਸਾਨ ਨੂੰ ਸਫਲਤਾ ਦੇ ਰਸਤੇ ਤੋਂ ਪਰੇ ਹੱਟ ਕੇ ਕੋਹਾਂ ਦੂਰ ਵਿਰਾਨ ਜੰਗਲ ਵਿੱਚ ਲਿਜਾ ਸੁੱਟਦਾ ਹੈ ਜਿਥੇ ਉਸ ਘਿਣਾਉਣੀ ਘੜੀ ਵਿੱਚ ਖੁਦ ਇਨਸਾਨ ਨੂੰ ਸਹੀ ਅਤੇ ਗਲਤ ਦਾ ਫਰਕ ਨਹੀਂ ਦਿਸਦਾ । ਸ਼ਾਇਦ ਥੋੜਾ ਥੋੜਾ ਸਰੂਰ ਲੈਂਦਾ ਹੋਇਆ ਇਨਸਾਨ ਇੰਨੀ ਦੂਰ ਪਹੁੰਚ ਜਾਂਦਾ ਹੈ ਕਿ ਉਹ ਆਪਣੇ ਸਭ ਰਿਸ਼ਤੀਾਆਂ, ਇੱਥੋਂ ਤੱਕ ਕਿ ਸੰਸਾਰ ਤੇ ਆਪਣਾ ਵਜੂਦ ਅਤੇ ਆਪਣੀ ਇਜ਼ੱਤ ਸਭ ਨੂੰ ਵੀ ਭੁੱਲਾ ਬੈਠਦਾ ਹੈ । ਹਰ ਇਨਸਾਨ ਅੰਦਰ ਕਿਤੇ ਨਾ ਕਿਤੇ ਕੁਝ ਚੰਗਾ ਕਾਰਜ ਕਰਨ ਦੀ ਕਾਬਲਿਅਤ ਜ਼ਰਰ ਹੰਦੀ ਹੈ, ਪਰ ਨਸ਼ਾ ਉਸਨੂੰ ਇੰਨਾ ਬੇਵਸ, ਬੇਆਸ ਅਤੇ ਇਕੱਲਾ ਕਰ ਦਿੰਦਾ ਹੈ ਕਿ ਉਸਨੂੰ ਸਮੱਸਿਆਵਾਂ ਤੋ ਰਾਹਤ ਪਾਉਣ ਲਈ ਸਿਰਫ ਨਸ਼ੇ ਦਾ ਹੀ ਸਹਾਰਾ ਲੈਣਾ ਪੈਂਦਾ ਹੈ । ਇੱਥੋਂ ਤੱਕ ਕਿ ਇਨਸਾਨ ਆਪਣੇ ਖੂਨ ਦੇ ਰਿਸ਼ਤੀਆਂ ਨੂੰ ਵੀ ਭੁੱਲ ਜਾਂਦਾ ਹੈ । ਜਿਸ ਮਾਂ ਨੇ ਉਸਨੂੰ ਲਾਡਾਂ ਨਾਲ ਪਾਲ-ਪੋਸ ਕੇ ਜਵਾਨ ਕੀਤਾ ਹੁੰਦਾ ਹੈ, ਇਨਸਾਨ ਉਸ ਰੱਬ ਵਰਗੀ ਮਾਂ ਨੂੰ ਵੀ ਨਕਾਰ ਦਿੰਦਾ ਹੈ । ਸ਼ਾਇਦ ਨਸ਼ੇ ਦਾ ਪ੍ਰਭਾਵ ਇਨਸਾਨ ਦੀ ਨਿੱਜੀ ਜ਼ਿੰਦਗੀ ਤੇ ਤਾਂ ਪੈਂਦਾ ਹੀ ਹੈ, ਸਗੋਂ ਇਸ ਤੋਂ ਕਈ ਗੁਣਾ ਜ਼ਿਆਦਾ ਵੱਧ ਉਸਦੇ ਨਸ਼ੇੜੀ ਜੀਵਨ ਦਾ ਪ੍ਰਭਾਵ ਸਮਾਜ ਤੇ ਵੀ ਪੈਂਦਾ ਹੈ । ਇਨਸਾਨ ਸਮਾਜ ਸਾਹਮਣੇ ਵੀ ਅੱਖਾਂ ਵਿਖਾਉਣ ਜੋਗਾ ਨਹੀਂ ਰਹਿੰਦਾ ਹੈ ।

ਇਸ ਤੋਂ ਇਲਾਵਾ ਕਿਸੇ ਵੀ ਇਨਸਾਨ ਦੀ ਇਹ ਦਿਲੀ ਖਾਹਿਸ਼ ਨਹੀਂ ਹੁੰਦੀ ਕਿ ਉਹ ਨਸ਼ੇਬਾਜ਼ ਬਣੇ । ਪਰ ਕਿਸ ਵਕਤ ਉਸ ਦੀ ਜ਼ਿੰਦਗੀ ਵਿੱਚ ਨਸ਼ਾ ਦਾ ਅਜਿਹਾ ਮੋੜ ਆਉਂਦਾ ਹੈ ਜਦ ਉਹ ਆਪਣੇ ਆਪ ਨੂੰ ਸਭ ਹਾਲਾਤਾਂ ਮੂਹਰੇ ਹਾਰਿਆ ਹੋਇਆ ਮਹਿਸੂਸ ਕਰਦਾ ਹੈ ਅਤੇ ਉਹ ਖੁਦ ਨੂੰ ਬਦਲਣ ਲਈ ਕੋਈ ਯਤਨ ਵੀ ਨਹੀਂ ਕਰ ਪਾਉਂਦਾ । ਹਰ ਇਨਸਾਨ ਦਾ ਸੁਪਨਾ ਹੁੰਦਾ ਹੈ ਕਿ ਉਸਨੇ ਕਾਮਯਾਬ ਪਤੀ, ਪਿਤਾ, ਭਰਾ ਅਤੇ ਨਾਗਰਿਕ ਬਣਨਾ ਹੈ ਤਾਂ ਜੋ ਦੁਨੀਆ ਉਸਦੀ ਇਜ਼ੱਤ ਅਤੇ ਕਦਰ ਕਰੇ । ਪਰ ਨਸ਼ਾ ਉਸਨੂੰ ਇਸ ਪ੍ਰਕਾਰ ਦੱਬ ਲੈਂਦਾ ਹੈ ਕਿ ਆਖਿਰ ਇਨਸਾਨ ਨੂੰ ਸਭ ਕੁਝ ਨਸ਼ਟ ਹੋ ਗਿਆ ਜਾਪਦਾ ਹੈ ਅਤੇ ਉਸਨੂੰ ਸ਼ਰਮਿੰਦਗੀ ਤੋਂ ਦੂਰ ਹੋਣ ਲਈ ਅਤੇ ਜ਼ਿੰਮੇਵਾਰੀਆਂ ਤੋਂ ਭੱਜਣ ਲਈ ਸਿਰਫ ਤੇ ਸਿਰਫ ਨਸ਼ੇ ਦਾ ਸਹਾਰਾ ਹੀ ਲੈਣਾ ਪੈਂਦਾ ਹੈ । ਇਸ ਨਸ਼ੇ ਦੀ ਦਲਦਲ ਵਿੱਚ ਹਰ ਉਹ ਇਨਸਾਨ ਫਸਿਆ ਹੋਇਆ ਹੈ ਭਾਵੇਂ ਉਹ ਅਮੀਰ ਜਾਂ ਫਿਰ ਗਰੀਬ ਹੋਵੇ। ਪਰ ਅੰਤ ਨਸ਼ੇ ਦਾ ਜ਼ਿੰਦਗੀ ਦੀ ਬਰਬਾਦੀ ਹੀ ਹੈ । ਅੱਜ ਤੱਕ ਕੋਈ ਵੀ ਇਨਸਾਨ ਨਸ਼ੇ ਕਰਦੇ ਹੋਏ ਕਾਮਯਾਬੀ ਨਹੀਂ ਹਾਸਿਲ ਕਰ ਪਾਇਆ । ਇਸ ਤੋਂ ਇਲਾਵਾ ਨਸ਼ਾ ਇਨਸਾਨ ਦੀ ਮਾਨਸਿਕ ਹਾਲਤ ਇੱਥੋਂ ਤੱਕ ਤਬਾਹ ਕਰ ਦਿੰਦਾ ਹੈ ਕਿ ਉਸਨੂੰ ਅੰਤ ਵਿੱਚ ਜਾਂ ਤਾਂ ਮੌਤ ਦਿਸਦੀ ਹੈ ਜਾਂ ਫਿਰ ਉਮੀਦ ਦੀ ਨਵੀਂ ਕਿਰਨ । ਜਿਹੜਾ ਇਨਸਾਨ ਨਸ਼ੇ ਦੇ ਰੋਗ ਤੋਂ ਉਭਰਨ ਲਈ ਯਤਨ ਕਰਦਾ ਹੈ, ਉਹ ਅਕਸਰ ਹੀ ਖੁਸ਼ਹਾਲ ਜੀਵਨ ਜੀਉਂਦਾ ਹੈ । ਪਰ ਜਿਹੜਾ ਇਸ ਦੀ ਜਕੜ ਵਿੱਚ ਫਸਿਆ ਰਹਿਣਾ ਚਾਹੁੰਦਾ ਹੈ ਉਹ ਸ਼ਾਇਦ ਤੜਪ ਤੜਪ ਕੇ ਰੋਜ਼ਾਨਾ ਮਰਨ ਲਈ ਮਜ਼ਬੂਰ ਹੋ ਜਾਂਦਾ ਹੈ । ਹਰ ਇਨਸਾਨ ਨੂੰ ਸ਼ੁਰੂਆਤੀ ਦੌਰ ਵਿੱਚ ਇਕ ਵਾਰ ਤਾਂ ਨਸ਼ਾ ਖੁਸ਼ੀ ਅਤੇ ਆਰਾਮ ਜ਼ਰੂਰ ਦਿੰਦਾ ਹੈ । ਪਰ ਜਦੋਂ ਇਹ ਨਸ਼ਾ ਇਨਸਾਨ ਦੇ ਜੀਵਨ ਵਿੱਚ ਘਰ ਕਰ ਜਾਂਦਾ ਹੈ ਤਾਂ ਉਸਦੀ ਜ਼ਿੰਦਗੀ ਦਾ ਹਰ ਉਹ ਸੁਨਹਿਰੀ ਪਲ ਖੋਹ ਲੈਂਦਾ ਹੈ ਜਿਸਦੀ ਇਨਸਾਨ ਨੇ ਕਦੇ ਕਾਮਨਾ ਵੀ ਨਹੀਂ ਕੀਤੀ ਹੁੰਦੀ ਹੈ ।

ਨਸ਼ੇ ਵਿੱਚ ਫਸੇ ਹੋਏ ਹਰ ਨਸ਼ੇੜੀ ਨੂੰ ਸਮਝਾਉਣਾ ਬਹੁਤ ਹੀ ਔਖਾ ਹੁੰਦਾ ਹੈ । ਸ਼ਾਇਦ ਅਜਿਹੇ ਕੁਝ ਹਾਦਸੇ ਹੀ ਹੁੰਦੇ ਹਨ ਜੋ ਇਨਸਾਨ ਦੀ ਜ਼ਿੰਦਗੀ ਬਦਲ ਦਿੰਦੇ ਹਨ । ਪਰ ਅੱਜ ਦੇ ਸੰਸਾਰ ਵਿੱਚ ਨਸ਼ਾ ਇੱਕ ਵਹਿੰਦੇ ਦਰਿਆ ਵਾਂਗੂੰ ਹੈ, ਜਿਸ ਦਾ ਅਰਥ ਹੈ ਕਿ ਇਕ ਵਾਰੀ ਲੰਘਿਆ ਪਾਣੀ ਕਦੇ ਮੁੜ ਕੇ ਉਸ ਕਿਨਾਰੇ ਤੇ ਨਹੀਂ ਆਉਂਦਾ ਹੈ । ਇਸੇ ਤਰਾਂ ਇਨਸਾਨ ਨੂੰ ਵੀ ਆਪਣੀਆਂ ਗਲਤੀਆਂ ਅਤੇ ਤਬਾਹੀ ਦਾ ਉਸ ਵਕਤ ਹੀ ਅਹਿਸਾਸ ਹੁੰਦਾ ਹੈ ਜਦ ਉਸਦੇ ਜੀਵਨ ਵਿੱਚੋਂ ਕੋਈ ਚੀਜ਼ ਅਧੂਰੀ ਰਹਿ ਗਈ ਹੋਵੇ । ਕਈ ਇਨਸਾਨ ਤਾਂ ਸਮੇਂ ਤੋਂ ਪਹਿਲਾਂ ਹੀ ਸੰਭਲ ਜਾਂਦੇ ਹਨ, ਪਰ ਕਈਆਂ ਲਈ ਬਹੁਤੀ ਦੇਰ ਵੀ ਹੋ ਜਾਂਦੀ ਹੈ । ਇਹ ਕਹਾਵਤ ਇਨਸਾਨ ਲਈ ਅਸਲ ਵਿੱਚ ਸਹੀ ਸਾਬਿਤ ਹੈ ਜਾਂਦੀ ਹੈ ਕਿ, “ਅਕਲ ਅਤੇ ਮੌਤ ਹਰ ਇਨਸਾਨ ਨੂੰ ਜ਼ਰੂਰ ਆ ਜਾਂਦੀ ਹੈ, ਪਰ ਕਿਸੇ ਨੂੰ ਜਲਦੀ ਆ ਜਾਂਦੀ ਹੈ ਅਤੇ ਕਿਸੇ ਨੂੰ ਬਾਅਦ ਵਿੱਚ” । ਸ਼ਾਇਦ ਕਿਸਮਤ ਇਕ ਵਾਰ ਨਸ਼ੇੜੀ ਇਨਸਾਨ ਦੇ ਦਰਵਾਜ਼ੇ ਤੇ ਜ਼ਰੂਰ ਆਉਂਦੀ ਹੈ । ਜੇਕਰ ਉਹ ਦਰਵਾਜ਼ਾ ਖੋਲ ਲਵੇ ਤਾਂ ਹਰ ਉਹ ਖੁਸ਼ੀ ਹਾਸਿਲ ਕਰ ਲੈਂਦਾ ਹੈ ਜਿਹੜੀ ਉਸਨੇ ਕਦੇ ਵੀ ਆਪਣੇ ਜੀਵਨ ਵਿੱਚ ਮਹਿਸੂਸ ਨਾ ਕੀਤੀ ਹੋਵੇ । ਪਰ ਇਸ ਦੇ ਉਲਟ ਜੇਕਰ ਉਹ ਦਰਵਾਜ਼ਾ ਬੰਦ ਹੋ ਜਾਵੇ ਤਾਂ ਉਸਦੇ ਪਿਆਰੇ ਸੱਜਣਾ ਮਿੱਤਰਾਂ ਲਈ ਸਾਰੀ ਜ਼ਿੰਦਗੀ ਦਾ ਪਛਤਾਵਾ ਹੀ ਬਣ ਕੇ ਰਹਿ ਜਾਂਦਾ ਹੈ। ਸ਼ਾਇਦ ਇਕ ਪਲ ਦਾ ਅਹਿਸਾਸ ਹੀ ਨਸ਼ੇੜੀ ਇਨਸਾਨ ਦੀ ਜ਼ਿਦਗੀ ਬਦਲ ਕੇ ਰੱਖ ਦੇਵੇ ।

ਅੰਤ ਵਿੱਚ, ਮੈਂ ਕਹਿਣਾ ਚਾਹਵਾਂਗਾ ਕਿ ਹਰ ਇਨਸਾਨ ਨੂੰ ਇਸ ਨਸ਼ੇ ਦੇ ਭੈੜੇ ਕੋਹੜ ਤੋਂ ਬਚਣ ਦੀ ਲੋੜ ਹੈ । ਸੰਸਾਰ ਵਿੱਚ ਨਸ਼ੇ ਵਰਗੀ ਭਿਅੰਕਰ ਬਿਮਾਰੀ ਦਾ ਜੜੋਂ ਖਾਤਮਾ ਕਰਨ ਲਈ ਸਾਨੂੰ ਇਕੱਠੇ ਹੋ ਕੇ ਇਕ ਦੂਸਰੇ ਦੀ ਸਹਾਇਤਾ ਨਾਲ ਚੱਲਣਾ ਚਾਹੀਦਾ ਹੈ । ਬਜਾਏ ਇਕ ਦੂਸਰੇ ਨੂੰ ਗਲਤ ਨਜ਼ਰੀਏ ਨਾਲ ਦੇਖਣ ਦੇ । ਸ਼ਾਇਦ ਇਕ ਇਨਸਾਨ ਹੀ ਦੂਸਰੇ ਇਨਸਾਨ ਲਈ ਰੱਬ ਬਣਕੇ ਬੋਹੜੇ ਅਤੇ ਇਸ ਡੁੱਬਦੇ ਹੋਏ ਸੰਸਾਰ ਨੂੰ ਨਸ਼ਾ ਤੋਂ ਮੁਕਤ ਕਰ ਸਕੇ । ਅਸੀਂ ਤਾਂ ਹੀ ਆਪਣੀਆਂ ਪੀੜੀਆਂ ਨੂੰ ਨਸ਼ਟ ਹੋਣ ਤੋਂ ਬਚਾ ਸਕਦੇ ਹਾਂ ਜੇਕਰ ਅਸੀਂ ਇਕਜੁੱਟ ਹੋ ਕੇ ਚੱਲੇ ਅਤੇ ਇਸ ਬਿਮਾਰੀ ਨੂੰ ਦੂਰ ਕਰਨ ਲਈ ਉਪਯੋਗੀ ਕਦਮ ਚੁੱਕੇ । ਮਾਨਵਤਾ ਅਤੇ ਇਨਸਾਨੀਅਤ ਤਾਂ ਹੀ ਜਿਉਂਦੀ ਜਾਗਦੀ ਮਿਸਾਲ ਬਣੀ ਰਹੇਗੀ ਜੇਕਰ ਅਸੀਂ ਇੱਕ ਦੂਸਰੇ ਦੇ ਦਰਦ ਨੂੰ ਸਮਝ ਸਕੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਵਹਿੰਦੇ ਦਰਿਆ ਚੋਂ ਬਾਹਰ ਕੱਢਣ ਲਈ ਕਾਮਯਾਬ ਯਤਨ ਕਰ ਸਕੇ । ਨਸ਼ਾ ਇੱਕਜੁਟ ਹੋ ਕੇ ਖਤਮ ਕਰਨ ਵਾਲੀ ਬਿਮਾਰੀ ਹੈ । ਇਹ ਕਿਸੇ ਇੱਕ ਇਨਸਾਨ ਦੇ ਵੱਸ ਦਾ ਰੋਗ ਨਹੀਂ ਹੈ । ਜੇਕਰ ਅਸੀਂ ਇਕ ਦੂਸਰੇ ਦੇ ਦਰਦ ਨੂੰ ਹੀ ਨਾ ਸਮਝ ਸਕੇ ਤਾਂ ਸਾਨੂੰ ਨਸ਼ੇ ਤੋਂ ਮੁਕਤੀ ਕਦੇ ਵੀ ਨਹੀਂ ਮਿਲ ਸਕਦੀ ਹੈ । ਆਓ ਇਕੱਠੇ ਹੋਇਏ ਅਤੇ ਪੀੜਤ ਪਰਿਵਾਰਾਂ ਲਈ ਸੁੱਖ ਦਾ ਸਹਾਰਾ ਬਣਿਏ । ਸ਼ਾਇਦ ਸਾਡਾ ਇੱਕ ਯਤਨ ਹੀ ਹਜ਼ਾਰਾਂ ਇਨਸਾਨਾਂ ਦੀ ਜ਼ਿੰਦਗੀ ਖੁਸ਼ਹਾਲ ਬਣਾ ਦੇਵੇ ।

ਸਾਡੇ ਵਾਲੰਟੀਅਰਾਂ ਨਾਲ ਸੰਪਰਕ ਕਰੋ

ਤੁਹਾਡੀ ਸਲਾਹ ਮਸ਼ਵਰਾ ਬਿਲਕੁਲ ਮੁਫਤ ਹੈ - ਆਓ ਗੱਲ ਕਰੀਏ!

ਕੋਈ ਸਵਾਲ ?

 
ਜੇਕਰ ਤੁਹਾਡੇ ਕੋਲ ਸਾਡੇ ਪੋ੍ਗਰਾਮ ਪ੍ਤਤੀ ਕਿਸੇ ਵੀ ਪ੍ਰਕਾਰ ਦਾ ਸਵਾਲ ਹਨ ਤਾਂ ਬੇਝਿਜਕ ਪੁੱਛੋ।

ਅਸੀਂ ਤੁਹਾਡੀ ਮਦਦ ਲਈ ਹੀ ਉਪਲਬਲਧ ਹਾਂ।

ਸਾਡੀ ਮੁੱਖ ਤੌਰ ਤੇ ਮੌਜੂਦਗੀ ਤੁਹਾਡੀ ਸਹਾਇਤਾ, ਸਹਿਯੋਗ ਅਤੇ ਸਵਾਲਾਂ ਦੇ ਜਵਾਬ ਦੇਣ ਲਈ ਹੀ ਹੈ।

ਜੇ ਤੁਹਾਨੂੰ ਲਗਦਾ ਹੈ ਕਿ ਤੁਹਾਨੂੰ ਤੁਰੰਤ ਸਹਾਇਤਾ ਦੀ ਜ਼ਰੂਰਤ ਹੈ, ਤਾਂ 911 'ਤੇ ਕਾਲ ਕਰੋ ਜਾਂ ਆਪਣੀ ਸਥਾਨਕ ਹੈਲਪਲਾਈਨ ਤੇ ਸੰਪਰਕ ਕਰੋ.

ਫੋਨ

+1 778 381 5686

ਈ - ਮੇਲ

care@soberlife.ca
Copyright © 2020 SoberLife Foundation. All rights reserved.