ਪਰਿਵਾਰ ਦਾ ਦੁੱਖ

ਨਸ਼ਾ ਉਹ ਭਿਅੰਕਰ ਪਦਾਰਥ ਹੈ ਜਿਸਨੇ ਮੇਰਾ ਜੀਵਨ ਤਬਾਹ ਕਰ ਦਿੱਤਾ ਹੈ। ਨਸ਼ਾ ਉਹ ਹੈ ਜਿਸਨੇ ਮੇਰੀ ਇਜ਼ੱਤ, ਮਾਣ ਅਤੇ ਰਿਸ਼ਤੀਆਂ ਨੂੰ ਠੇਸ ਪਹੁੰਚਾਈ। ਮੈਂ ਤਾਂ ਨਸ਼ਾ ਕਰਨ ਤੋਂ ਬਾਅਦ ਆਰਾਮ ਹਾਸਿਲ ਕਰ ਲੈਂਦਾ ਸੀ ਪਰ ਅਸਲ ਦੁੱਖ ਤਾਂ ਮੇਰੇ ਪਰਿਵਾਰ ਨੂੰ ਝੱਲਣਾ ਪਿਆ। ਮੈਂ ਮਾਂ ਬਾਪ ਦੀਆਂ ਆਂਦਰਾਂ ਨੂੰ ਬਥੇਰਾ ਸੇਕ ਚੁੱਕਾ ਸੀ। ਮੇਰੇ ਮਾਂ ਬਾਪ ਤਾਂ ਬਚਪਨ ਤੋਂ ਹੀ ਮੈਨੂੰ ਸਮਝਾਉਂਦੇ ਆਏ ਸਨ ਕਿ ਜ਼ਿੰਦਗੀ ਵਿੱਚ ਕਾਮਯਾਬ ਇਨਸਾਨ ਬਣਨਾ ਹੈ। ਪਰ ਜਿੰਦਗੀ ਕਿਸ ਵਕਤ ਨਸ਼ੇ ਦੇ ਰਾਹ ਤੇ ਤੁਰ ਪਈ ਮੈਨੂੰ ਪਤਾ ਹੀ ਨਹੀਂ ਚੱਲਿਆ। ਬਚਪਨ ਵਿੱਚ ਕਬੱਡੀ ਖੇਡਦਿਆਂ ਮੈਨੂੰ ਇੰਝ ਲੱਗਦਾ ਸੀ ਕਿ ਮੈਂ ਜ਼ਿੰਦਗੀ ਵਿੱਚ ਖੂਬ ਤਰੱਕੀ ਹਾਸਿਲ ਕਰਾਂਗਾ। ਪਰ ਕਿਸ ਵਕਤ ਮੈਂ ਮਾੜੀ ਢਾਣੀ ਵਿੱਚ ਸ਼ਾਮਿਲ ਹੋ ਗਿਆ ਮੈਨੂੰ ਪਤਾ ਹੀ ਨਹੀਂ ਚੱਲਿਆ। ਮਾਂ ਬਾਪ ਪੇਸ਼ੇ ਵਜੋਂ ਸਰਕਾਰੀ ਨੌਕਰੀ ਤੇ ਸਨ। ਮੈਨੂੰ ਹਮੇਸ਼ਾ ਬਹੁਤ ਹੀ ਲਾਡ ਪਿਆਰ ਨਾਲ ਰੱਖਦੇ ਸਨ। ਇਹ ਬਹੁਤਾ ਲਾਡ ਪਿਆਰ ਹੀ ਜੜਾਂ ਵਿੱਚ ਬੈਠ ਗਿਆ ਅਤੇ ਮੈਂ ਨਸ਼ੇਬਾਜ਼ ਬਣ ਗਿਆ। ਜਦੋਂ ਮੈਂ ਕਈ ਕਈ ਦਿਨ ਘਰੋਂ ਝਗੜਾ ਕਰਕੇ ਦੂਰ ਚਲੇ ਜਾਂਦਾ ਸੀ ਤਾਂ ਉਹ ਮੈਨੂੰ ਸਮਝਾਉਣ ਦੀ ਬਹੁਤ ਹੀ ਕੋਸ਼ਿਸ ਕਰਦੇ ਸਨ। ਪਰ ਮੇਰੇ ਜੂੰਹ ਨਹੀਂ ਸੀ ਸਰਕਦੀ। ਦੁਨੀਆ ਵਿੱਚ ਵਿੱਚਰਨਾ ਅਤੇ ਜ਼ਿੰਮੇਵਾਰੀਆਂ ਨੂੰ ਸਾਂਭਣਾ ਤਾਂ ਦੂਰ ਦੀ ਗੱਲ, ਮੈਨੂੰ ਤਾਂ ਆਪਂਣੇ ਨਸ਼ੇ ਵਾਲੇ ਜੀਵਨ ਤੋਂ ਹੀ ਵਿਹਲ ਨਹੀਂ ਮਿਲਦੀ ਸੀ। ਮਾਂ ਬਾਪ ਪੈਸਾ ਕਮਾਉਂਦੇ ਅਤੇ ਮੈਂ ਪੈਸਾ ਉਜਾੜਨ ਵਿੱਚ ਮਸਤ ਰਹਿੰਦਾ। ਮੈਨੂੰ ਆਪਣੇ ਮਾਂ ਬਾਪ ਦੀ ਦੌਲਤ ਅਤੇ ਸ਼ੌਹਰਤ ਦਾ ਹੱਦੋਂ ਵਧ ਗਰੂਰ ਹੁੰਦਾ ਸੀ। ਪਰ ਕਿਸ ਵਕਤ ਇਹ ਸਭ ਮੇਰੇ ਤੇ ਭਾਰੂ ਹੋ ਗਿਆ ਅਤੇ ਝੂਠਾ ਮਾਣ ਮੈਨੂੰ ਬੁਰੀ ਸੰਗਤ ਵੱਲ ਧੱਕ ਕੇ ਲੈ ਗਿਆ ਮੈਨੂੰ ਪਤਾ ਹੀ ਨਹੀਂ ਚੱਲਿਆ।

ਮੇਰੇ ਨਸ਼ੇ ਵਾਲੇ ਜੀਵਨ ਕਾਰਨ ਮਾਂ ਬਾਪ ਨੂੰ ਸਮਾਜ ਵਿੱਚ ਇੰਨਾ ਨੀਵਾਂ ਮਹਿਸੂਸ ਹੋਣ ਲੱਗਾ ਕਿ ਉਹ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਵੀ ਮੇਲ ਮਿਲਾਪ ਕਰਨਾ ਬੰਦ ਕਰ ਗਏ। ਪਰ ਮੈਨੂੰ ਆਪਣੀ ਜ਼ਿੰਦਗੀ ਵਿੱਚ ਨਸ਼ੇ ਦੀ ਅਹਿਮਿਅਤ ਹੀ ਦਿਸਦੀ ਸੀ। ਇੰਝ ਜਾਪਦਾ ਸੀ ਕਿ ਨਸ਼ੇ ਤੋਂ ਬਗੈਰ ਜ਼ਿੰਦਗੀ ਵਿੱਚ ਕਿਹੜੀ ਰੌਣਕ ਅਤੇ ਖੁਸ਼ੀ ਹੁੰਦੀ ਹੈ। ਅੰਤ ਹੌਲੀ ਹੌਲੀ ਨਸ਼ਾ ਜ਼ਿੰਦਗੀ ਵਿੱਚ ਘਰ ਹੀ ਕਰ ਗਿਆ। ਮਾਂ ਬਾਪ ਦੇ ਦੁੱਖ ਅਤੇ ਦਰਦ ਨੂੰ ਮੈਂ ਸਮਝ ਹੀ ਨਾ ਪਾਇਆ। ਉਹ ਮੇਰੇ ਲਈ ਖੁਸ਼ਹਾਲ ਜ਼ਿੰਦਗੀ ਚਾਹੁੰਦੇ ਸਨ। ਪਰ ਮੈਂ ਮਾੜੇ ਦੋਸਤਾਂ ਨੂੰ ਪਹਿਲ ਦੇਣੀ ਅਤੇ ਉਨਾਂ ਨਾਲ ਰਲ ਕੇ ਨਸ਼ਾ ਕਰਨ ਨੂੰ ਹੀ ਅਸਲ ਜ਼ਿੰਦਗੀ ਸਮਝਦਾ ਸੀ। ਇਕ ਰਾਤ ਮੈਂ ਨਸ਼ੇ ਵਿੱਚ ਮਧਹੋਸ਼ ਹੋਏ ਨੇ ਆਪਣੇ ਬਾਪ ਨੂੰ ਕੁੱਟਿਆ। ਮਾਂ ਕੁਰਲਾਉਂਦੀ ਰਹੀ। ਪਰ ਮੇਰਾ ਨਸ਼ੇ ਬਗੈਰ ਇਕ ਪਲ ਵੀ ਨਹੀਂ ਸੀ ਲੰਘਦਾ। ਭੈਣ ਦੀ ਵਿਵਾਹਿਕ ਜ਼ਿੰਦਗੀ ਤੇ ਵੀ ਮੇਰੇ ਨਸ਼ੇ ਦਾ ਮਾੜਾ ਅਸਰ ਪੈ ਰਿਹਾ ਸੀ। ਰਿਸ਼ਤੇਦਾਰ ਵੀ ਬੁਲਾਣੋਂ ਹੱਟ ਗਏ ਜਦੋਂ ਮੈਂ ਨਸ਼ੇ ਦੀ ਖਾਤਰ ਇੱਥੋਂ ਤੱਕ ਗਿਰ ਗਿਆ ਕਿ ਮੈਨੂੰ ਘਰੋਂ ਮਾਂ ਬਾਪ ਪਾਸੋਂ ਚੋਰੀ ਕਰਨ ਲਈ ਮਜ਼ਬੂਰ ਹੋਣਾ ਪਿਆ। ਸਭ ਮੇਰੇ ਤੋਂ ਦੂਰ ਹੁੰਦੇ ਜਾ ਰਹੇ ਸਨ। ਪਰ ਨਸ਼ਾ ਮੇਰੀ ਜ਼ਿੰਦਗੀ ਵਿੱਚ ਨੇੜੇ ਆ ਰਿਹਾ ਸੀ। ਮਾਂ ਬਾਪ ਮੇਰੇ ਰੋਜ਼ ਰੋਜ਼ ਦੇ ਬਰਬਾਦੀ ਵਾਲੇ ਦਿਨਾਂ ਤੋਂ ਅੱਕ ਚੁੱਕੇ ਸਨ। ਰਿਸ਼ਤੇਦਾਰਾਂ ਦੇ ਤਾਨੇ ਮਿਹਣੇ ਮਾਂ ਬਾਪ ਨੂੰ ਅੰਦਰੋ ਅੰਦਰੀ ਰੌਣ ਲਈ ਮਜਬੂਰ ਕਰ ਰਹੇ ਸਨ। ਮੇਰੇ ਜਿਊਂਦੇ ਜੀਅ ਹੀ ਮਾਂ ਬਾਪ ਦੇ ਦਿਲ ਦਾ ਦਰਦ ਕੋਈ ਸਮਝਣ ਵਾਲਾ ਨਹੀਂ ਸੀ। ਪਰ ਮੇਰੀ ਮਾਨਸਿਕਤਾ ਤੇ ਇਸਦਾ ਕੋਈ ਵੀ ਅਸਰ ਨਹੀਂ ਸੀ ਪੈ ਰਿਹਾ।

ਮਾਂ ਬਾਪ ਮੈਨੂੰ ਨਸ਼ੇ ਵਿੱਚ ਡੁੱਬਦੇ ਅਤੇ ਬਰਬਾਦ ਹੁੰਦੇ ਨੂੰ ਦੇਖ ਨਹੀਂ ਸੀ ਪਾ ਰਹੇ। ਬਾਪ ਦੀ ਨੌਕਰੀ ਪਿੰਡੋਂ ਦੂਰ ਸ਼ਹਿਰ ਤਬਦੀਲ ਹੋ ਗਈ ਅਤੇ ਰੋਜ਼ ਦੇ ਕਲੇਸ਼ ਕਾਰਨ ਮਾਂ ਮੈਨੂੰ ਇਕੱਲੇ ਨੂੰ ਪਿੰਡ ਛੱਡ ਕੇ ਨਾਨਕੇ ਚਲੀ ਗਈ। ਬਾਪ ਨੂੰ ਵੀ ਨੌਕਰੀ ਲਈ ਸ਼ਹਿਰ ਜਾਣਾ ਪੈ ਗਿਆ। ਆਖਿਰ ਮੈਂ ਪਿੰਡ ਇਕੱਲਾ ਹੀ ਰਹਿ ਗਿਆ। ਭੈਣ ਨਾਲ ਰਿਸ਼ਤਾ ਤਾਂ ਵੈਸੇ ਹੀ ਖਤਮ ਹੋ ਚੁੱਕਾ ਸੀ ਜਦੋਂ ਮੇਰੇ ਨਸ਼ੇ ਕਾਰਨ ਬੱਚਿਆਂ ਤੇ ਮਾੜਾ ਅਸਰ ਹੋਣ ਲੱਗਾ। ਪੈਸੇ ਦੀ ਕਮੀ ਰਹਿਣ ਕਰਕੇ ਮੈਨੂੰ ਨਸ਼ੇ ਬਾਝੋਂ ਤਕਲੀਫ ਮਹਿਸੂਸ ਹੋਣ ਲੱਗੀ। ਨਸ਼ੇੜੀ ਦੋਸਤ ਵੀ ਸਾਥ ਛੱਡ ਗਏ ਜਦੋਂ ਮੇਰੇ ਗਰੀਬੀ ਦੇ ਦਿਨ ਆ ਗਏ। ਘਰ ਵਿੱਚ ਰੌਣਕ ਹੀ ਮੁੱਕ ਗਈ। ਇੰਝ ਲੱਗਣ ਲੱਗਾ ਜਿਵੇਂ ਆਪਣੇ ਹੀ ਬੇਗਾਨੇ ਹੋ ਗਏ ਹੋਣ। ਇਕ ਰਾਤ ਮੰਜੇ ਤੇ ਲੇਟਿਆ ਹੋਇਆ ਮੈਂ ਇਹ ਸੋਚਣ ਲੱਗਾ ਕਿ ਸ਼ਾਇਦ ਮੇਰਾ ਹੀ ਕਸੂਰ ਹੋਵੇਗਾ ਜੋ ਸਭ ਮੇਰੇ ਤੋਂ ਦੂਰ ਹੋ ਗਏ ਹਨ। ਫਿਰ ਉਸ ਰਾਤ ਮੈਂ ਮਾਂ ਨੂੰ ਫੋਨ ਲਗਾਇਆ। ਇਸ ਤੋਂ ਪਹਿਲਾਂ ਮੈਂ ਕੁਝ ਬੋਲਦਾ। ਮਾਂ ਨੇ ਆਖਿਆ, ਪੁੱਤਰਾ ਸਭ ਤਬਾਹ ਹੋ ਗਿਆ ਹੈ। ਤੂੰ ਕਿਉਂ ਸਾਡੇ ਘਰ ਜਨਮ ਲਿਆ, ਅਸੀ ਤੈਨੂੰ ਕਿਹੜਾ ਸੁੱਖ ਨਹੀਂ ਦਿੱਤਾ ਜ਼ਿੰਦਗੀ ਵਿੱਚ। ਪਰ ਫਿਰ ਵੀ ਕਿ ਨਸ਼ਾ ਤੈਨੂੰ ਜ਼ਿੰਦਗੀ ਵਿੱਚ ਇੰਨਾ ਪਿਆਰਾ ਹੋ ਗਿਆ ਹੈ ਕਿ ਤੂੰ ਮਾਂ ਬਾਪ ਨੂੰ ਹੀ ਭੁੱਲ ਗਿਆ। ਸਾਡੀ ਸਾਰੀ ਜ਼ਿੰਦਗੀ ਦੀ ਹੱਡ ਤੋੜ ਕੇ ਮਿਹਨਤ ਨਾਲ ਇਕੱਠੀ ਕੀਤੀ ਇਜ਼ੱਤ ਅਤੇ ਕਮਾਈ ਮਿੱਟੀ ਵਿੱਚ ਕਿਉਂ ਰੁਲਾ ਰਿਹਾ ਹੈਂ। ਅਸ਼ੀ ਕਿ ਤੇਰਾ ਇੰਨਾ ਮਾੜਾ ਕਰ ਦਿੱਤਾ ਸੀ ਜੋ ਤੂੰ ਸਾਨੂੰ ਪਤੀ ਪਤਨੀ ਨੂੰ ਦੂਰ ਅਤੇ ਪਾਪਾਂ ਦਾ ਭਾਗੀ ਬਣਨ ਲਈ ਮਜਬੂਰ ਕੀਤਾ ਹੈ। ਮੈਂ ਰੌਂਦਾ ਹੋਇਆ ਬੋਲਿਆ ਮਾਂ ਮੈਨੂੰ ਮਾਫ ਕਰ ਦੇ । ਸ਼ਾਇਦ ਮੈਂ ਨਸ਼ੇ ਦੀ ਦੁਨੀਆ ਵਿੱਚ ਗੁਆਚਾ ਹੋਇਆ ਸੀ ਅਤੇ ਤੁਹਾਡੇ ਪਿਆਰ ਨੂੰ ਸਮਝ ਨਹੀਂ ਸਕਿਆ। ਮੇਰੀਆਂ ਉਸੇ ਵਕਤ ਅੱਖਾਂ ਖੁੱਲ ਗਈਆਂ ਜਦੋਂ ਮੈਂ ਮਾਂ ਨੂੰ ਫੋਨ ਤੇ ਰੌਂਦੇ ਹੋਇਆਂ ਨੂੰ ਸੁਣਿਆ। ਮੈਂ ਮਹਿਸੂਸ ਕੀਤਾ ਕਿ ਕਿਸ ਨਸ਼ੇ ਦੀ ਭੈੜੀ ਬਿਮਾਰੀ ਦੀ ਜਕੜ ਵਿੱਚ ਫਸਿਆ ਹੋਇਆ ਮੈਂ ਸਾਰੇ ਸੰਸਾਰ ਦੇ ਅਨਮੋਲ ਰਿਸ਼ਤੀਆਂ ਨੂੰ ਗਵਾ ਬੈਠਾ ਹਾਂ।

ਉਸ ਦਿਨ ਸਮਝ ਆਈ ਕਿ ਨਸ਼ਾ ਮੈਨੂੰ ਜ਼ਿੰਦਗੀ ਵਿੱਚ ਉਸ ਮੋੜ ਤੇ ਲੈ ਆਇਆ ਹੈ, ਜਿੱਥੇ ਜਾਂ ਤਾਂ ਮੌਤ ਦਿਸਦੀ ਸੀ ਜਾਂ ਫਿਰ ਮਾਂ ਬਾਪ ਦਾ ਰੁਲਦਾ ਭਵਿੱਖ। ਮਾਂ ਬਾਪ ਨੇ ਪਹਿਲਾਂ ਹੀ ਬਹੁਤ ਸੰਘਰਸ਼ ਕੀਤਾ ਸੀ ਮੈਨੂੰ ਹਰ ਖੁਸ਼ੀ ਪ੍ਹਦਾਨ ਕਰਨ ਲਈ। ਇਸ ਮੌਕੇ ਤੇ ਤਾਂ ਪਾਣੀ ਸਿਰੋਂ ਲੰਘਦਾ ਜਾਪਦਾ ਸੀ। ਮੈਂ ਨਸ਼ਾ ਤਿਆਗਣ ਦਾ ਫੈਸਲਾ ਕੀਤਾ। ਮੈਂ ਮਾਂ ਬਾਪ ਨੂੰ ਇਸ ਤੋਂ ਵੱਧ ਹੋਰ ਦੁੱਖ ਨਹੀਂ ਸੀ ਦੇਣਾ ਚਾਹੁੰਦਾ। ਇਹ ਹੀ ਮੇਰੀ ਜ਼ਿੰਦਗੀ ਦਾ ਅਜਿਹਾ ਮੋੜ ਸੀ, ਜਿੱਥੇ ਮੈਂ ਇਕ ਵਾਰ ਰੁਕ ਗਿਆ ਅਤੇ ਕੁਝ ਸਮੇਂ ਲਈ ਸੋਚਿਆ। ਮੈਂ ਇਸ ਗੱਲ ਤੇ ਧਿਆਨ ਕੀਤਾ ਕਿ ਜੇਕਰ ਅੱਜ ਮਾਂ ਬਾਪ ਜਿਊਂਦੇ ਹਨ, ਕਿਉਂ ਨਾ ਮੈਂ ਉਹਨਾਂ ਲਈ ਪੁੱਤਰ ਦਾ ਅਤੇ ਭੈਣ ਲਈ ਭਰਾ ਦਾ ਫਰਜ਼ ਨਿਭਾਵਾਂ। ਆਖਿਰਕਾਰ ਮੈਂ ਅਤੀਤ ਨੂੰ ਸੁਧਾਰ ਕੇ ਮਾਂ ਬਾਪ ਦੀ ਸੇਵਾ ਕਰਨ ਦਾ ਮਨ ਬਣਾਇਆ। ਹੇ ਰੱਬਾ, ਤੇਰਾ ਸ਼ੁਕਰ ਜੋ ਉਹ ਦੁੱਖਾਂ ਭਰੀ ਰਾਤ ਆਈ ਅਤੇ ਮੈਨੂੰ ਸਬਕ ਮਿਲਿਆ। ਸ਼ਾਇਦ ਮੈਨੂੰ ਕਦੇ ਵੀ ਜ਼ਿੰਦਗੀ ਵਿੱਚ ਮਾਂ ਬਾਪ ਦੀ ਪੀੜਾ ਦਾ ਅਹਿਸਾਸ ਨਾ ਹੁੰਦਾ ਜੇਕਰ ਮੇਰੇ ਨਾਲ ਇਹ ਸਭ ਨਾ ਵਾਪਰਦਾ। ਜੇਕਰ ਇੰਝ ਕਦੇ ਨਾ ਹੁੰਦਾ ਤਾਂ ਮੈਂ ਆਪਣੇ ਮਾਂ ਬਾਪ ਨੂੰ ਨਸ਼ਾ ਰਹਿਤ ਹੋ ਕੇ ਸੁੱਖ ਨਹੀਂ ਦੇ ਪਾਉਣਾ ਸੀ। ਅੱਜ 3 ਸਾਲ ਹੋ ਗਏ ਹਨ ਮੈਂ ਸੋਫੀ ਹਾਂ ਅਤੇ ਪਰਿਵਾਰ ਵਿੱਚ ਇੰਨੀ ਖੁਸ਼ਹਾਲੀ ਹੈ ਜਿਹੜੀ ਮੈਂ ਕਦੇ ਨਸ਼ੇ ਕਰਦੇ ਹੋਏ ਮਹਿਸੂਸ ਨਹੀਂ ਸੀ ਕੀਤੀ। ਇਹ ਸਭ ਮੇਰੇ ਮਾਂ ਬਾਪ ਸਦਕਾ ਹੀ ਹੈ ਜਿਹੜੇ ਸਭ ਦੁੱਖ ਝੱਲਦੇ ਰਹੇ।