ਫੋਨ

+1 778 381 5686

ਈ - ਮੇਲ

care@soberlife.ca

ਮਾੜੇ ਕੰਮ ਅਤੇ ਮਾੜੇ ਨਤੀਜੇ

ਬਚਪਨ ਵਿੱਚ ਹੀ ਮੇਰੇ ਮਾਂ-ਬਾਪ ਮੈਨੂੰ ਇਕੱਲਿਆਂ ਛੱਡ ਕੇ ਸੋਹਣੇ ਮੁਲਕ ਇੰਗਲੈਂਡ ਚਲੇ ਗਏ । ਮੈਂ ਸਰਕਾਰੀ ਸਕੂਲ ਵਿੱਚ ਪੜਦਾ ਸੀ ਅਤੇ ਨਸ਼ੇੜੀ ਦੋਸਤਾਂ ਨਾਲ ਮੇਰੀ ਬਹਿਣੀ ਖਲੋਣੀ ਆਮ ਹੀ ਹੁੰਦੀ ਸੀ । ਕਦੇ ਕਦੇ ਸ਼ਰਾਬ ਪੀਣੀ ਅਤੇ ਹੌਲੀ ਹੌਲੀ ਦਿਨ ਬਰ ਦਿਨ ਮੈਨੂੰ ਆਪਣੀ ਜ਼ਿੰਦਗੀ ਦਾ ਸਫਰ ਆਰਾਮਦਾਇਕ ਜਾਪਣ ਲੱਗਾ । ਇੱਥੋਂ ਤੱਕ ਕਿ ਮੈਂ ਹੈਰੋਇਨ ਵਰਗੇ ਹੋਰ ਭਿਆਨਕ ਨਸ਼ਿਆਂ ਵੱਲ ਉਸ ਵਕਤ ਮੂੰਹ ਮੋੜ ਲਿਆ ਜਦ ਸ਼ਰਾਬ ਨਾਲ ਪੈਦਾ ਹੋਇਆ ਅਸਰ ਮੇਰੇ ਲਈ ਇੰਨਾ ਕੰਮ ਨਹੀਂ ਕਰਦਾ ਸੀ। ਮੈਨੂੰ ਲੱਗਦਾ ਸੀ ਕਿ ਜੋ ਲੋਕ ਨਸ਼ੇ ਨਹੀਂ ਕਰਦੇ ਹਨ ਸ਼ਾਇਦ ਉਨਾਂ ਦੀ ਜ਼ਿੰਦਗੀ ਵਿੱਚ ਰੌਣਕ ਅਤੇ ਖੁਸ਼ੀ ਨਹੀਂ ਹੁੰਦੀ ਹੈ । ਹਰ ਉਹ ਦੋਸਤ ਜਿਹੜਾ ਮੈਨੂੰ ਨਸ਼ੇ ਕਰਨ ਤੋਂ ਰੋਕਦਾ ਸੀ ਮੈਨੂੰ ਉਹ ਹਮੇਸ਼ਾ ਮੇਰਾ ਦੁਸ਼ਮਣ ਹੀ ਜਾਪਦਾ ਸੀ । ਹੋਰ ਤਾਂ ਹੋਰ ਬਜ਼ੁਰਗ ਹੋ ਚੁੱਕੇ ਦਾਦਾ-ਦਾਦੀ ਨੂੰ ਗੱਲਾਂ ਵਿੱਚ ਉਲਝਾਉਣਾ ਤਾਂ ਮੇਰਾ ਪੇਸ਼ਾ ਬਣ ਚੁੱਕਾ ਸੀ । ਕਿਵੇਂ ਨਾ ਕਿਵੇਂ ਕਰਕੇ ਮੈਂ ਨਸ਼ੇ ਲਈ ਪੈਸੇ ਦੀ ਪੂਰਤੀ ਕਰ ਹੀ ਲੈਂਦਾ ਸੀ । ਮੇਰੇ ਸਭ ਸੱਜਣ ਮਿੱਤਰ ਮੈਨੂੰ ਮੇਰੇ ਲਈ ਰੱਬ ਦਾ ਰੂਪ ਹੀ ਜਾਪਦੇ ਸਨ । ਮੈਨੂੰ ਇੰਝ ਲੱਗਦਾ ਸੀ ਕਿ ਯਾਰ ਦੋਸਤ ਤਾਂ ਹਰ ਕੋਈ ਬਣਾ ਲੈਂਦਾ ਹੈ, ਪਰ ਮੇਰੇ ਲਈ ਨਸ਼ੇੜੀ ਦੋਸਤਾਂ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਮੈਂ ਜ਼ਿੰਦਗੀ ਦਾ ਆਨੰਦ ਲੈਣਾ ਹੈ । ਹੋਰ ਤਾਂ ਹੋਰ ਸਭ ਰਿਸ਼ਤੇਦਾਰ ਵੀ ਇਹ ਕਹਿਣ ਲੱਗ ਪਏ ਸਨ ਕਿ ਰਾਹੁਲ ਤਾਂ ਹੁਣ ਸਾਡੇ ਤੋਂ ਹਰ ਪਲ ਦੂਰ ਹੁੰਦਾ ਜਾਂਦਾ ਹੈ ।

ਮੇਰਾ ਨਸ਼ੇ ਨਾਲ ਰਿਸ਼ਤਾ ਇੰਨਾ ਗੂੜਾ ਕਾਇਮ ਹੋ ਗਿਆ ਸੀ ਕਿ ਮੈਨੂੰ ਜਾਪਦਾ ਸੀ ਕਿ ਨਸ਼ੇ ਤੋਂ ਸੋਹਣੀ ਕੋਈ ਚੀਜ਼ ਇਸ ਸੰਸਾਰ ਵਿੱਚ ਬਣੀ ਹੀ ਨਹੀਂ ਹੈ । ਹਰ ਉਹ ਇਨਸਾਨ ਜਿਹੜਾ ਨਸ਼ਾ ਕਰਦਾ ਸੀ ਮੈਂ ਉਸਨੂੰ ਮੇਰੇ ਵਰਗਾ ਅਕਲਮੰਦ ਅਤੇ ਸਮਝਦਾਰ ਇਨਸਾਨ ਸਮਝਦਾ ਸੀ । ਪਰ ਮੈਨੂੰ ਕਿ ਪਤਾ ਸੀ ਕਿ ਨਸ਼ਾ ਤਾਂ ਇਨਸਾਨ ਕੋਲੋਂ ਉਸਦੀ ਜ਼ਿੰਦਗੀ ਦਾ ਹਰ ਉਹ ਸੁੱਖ ਖੋਹ ਲੈਂਦਾ ਹੈ ਜਿਸ ਬਾਰੇ ਉਸਨੇ ਕਦੇ ਕਾਮਨਾ ਵੀ ਨਹੀਂ ਕੀਤੀ ਹੁੰਦੀ ਹੈ । ਚੜਦੀ ਜਵਾਨੀ ਅਤੇ ਨਸ਼ਿਆਂ ਦਾ ਭਿਅੰਕਰ ਦੌਰ ਉਸ ਵਕਤ ਤਾਂ ਬਹੁਤ ਚੰਗਾ ਲੱਗਦਾ ਸੀ । ਪਰ ਕਦ ਇਸਨੇ ਮੈਨੂੰ ਉਨਾਂ ਸਭ ਰਿਸ਼ਤੀਆਂ ਤੋਂ ਵੱਖ ਕਰ ਦਿੱਤਾ ਜੋ ਮੇਰੇ ਲਈ ਬਹੁਤ ਅਨਮੋਲ ਸਨ, ਮੈਨੂੰ ਖੁਦ ਨੂੰ ਹੀ ਨਹੀਂ ਚੱਲਿਆ । ਮੈਂ ਕਈ ਵਾਰ ਨਸ਼ੇ ਦੀ ਖਾਤਰ ਘਰ ਦੀਆਂ ਕੀਮਤੀ ਚੀਜ਼ਾ ਵੀ ਵੇਚ ਦਿੱਤੀਆਂ ਸਨ । ਇੱਥੋਂ ਤੱਕ ਕਿ ਨਸ਼ੇ ਦੀ ਤੋੜ ਹੋਣ ਕਾਰਨ ਮੈਂ ਚੋਰੀਆਂ ਕਰਨ ਲਈ ਵੀ ਮਜਬੂਰ ਹੋ ਗਿਆ ਸੀ । ਵੱਡੇ ਵੱਡੇ ਸਮਗਲਰਾਂ ਦੇ ਸੰਪਰਕ ਵਿੱਚ ਆਉਣ ਤੇਂ ਮੈਂ ਨਸ਼ੇ ਦੀ ਪੂਰਤੀ ਲਈ ਚੰਦ ਪੈਸਿਆਂ ਦੀ ਖਾਤਰ ਨਸ਼ਾ ਵੀ ਵੇਚਣ ਲੱਗ ਪਿਆ । ਉਨਾਂ ਸਭ ਲੀਡਰਾਂ ਨਾਲ ਮੇਰੀ ਯਾਰੀ-ਦੋਸਤੀ ਤਾਂ ਆਮ ਹੀ ਹੁੰਦੀ ਸੀ ਜਿਨਾਂ ਦੀ ਸਰਕਾਰਾਂ ਨਾਲ ਸਿੱਧੀ ਗੱਲਬਾਤ ਹੁੰਦੀ ਸੀ । ਮੈਨੂੰ ਇੰਝ ਲੱਗਦਾ ਸੀ ਕਿ ਮੈਂ ਹੁਣ ਜਲਦ ਹੀ ਬਹੁਤ ਅਮੀਰ ਬਣ ਜਾਵਾਂਗਾ ਅਤੇ ਮੇਰੇ ਕੋਲ ਮਹਿੰਗੀਆਂ ਗੱਡੀਆਂ, ਮਹਿੰਗੇ ਕੱਪੜੇ ਅਤੇ ਆਲੀਸ਼ਾਨ ਘਰ ਹੋਣਗੇ । ਮੈਂ ਹਰ ਵਕਤ ਇਹ ਮਹਿਸੂਸ ਕਰਦਾ ਸੀ ਕਿ ਦੁਨੀਆ ਨੂੰ ਨੀਵਾਂ ਦਿਖਾਉਣਾ ਤਾਂ ਮੇਰੇ ਲਈ ਬਹੁਤ ਹੀ ਸੌਖਾਲਾ ਹੈ ।

ਹਰ ਉਹ ਕਾਲਜ ਦਾ ਜਵਾਨ ਲੜਕਾ ਜਿਹੜਾ ਮੇਰੇ ਸੰਪਰਕ ਵਿੱਚ ਆਉਂਦਾ ਸੀ ਮੈਂ ਉਸਨੂੰ ਨਸ਼ੇ ਤੇ ਇਸ ਲਈ ਲਾ ਦਿੰਦਾ ਸੀ ਤਾਂ ਕਿ ਉਹ ਭਵਿੱਖ ਵਿੱਚ ਮੇਰੇ ਵਰਗਾ ਨਸ਼ੇੜੀ ਬਣੇ । ਲੱਖਾਂ ਦੇ ਗਹਿਣੇ ਪਾਉਣਾ ਅਤੇ ਵੱਡੇ ਅਫਸਰਾਂ ਦੇ ਨਾਲ ਬਹਿਣੀ ਖਲੋਣੀ ਨੇ ਮੈਨੂੰ ਇੰਨਾ ਤਾਕਤਵਾਰ ਬਣਾ ਦਿੱਤਾ ਸੀ ਕਿ ਮੇਰੇ ਪਿੰਡ ਦਾ ਹਰ ਇਨਸਾਨ ਮੇਰੇ ਤੋਂ ਡਰਦਾ ਸੀ । ਇਸ ਫੋਕੀ ਟੌਹਰ ਨੇ ਸਮਾਜ ਵਿੱਚ ਮੇਰੀ ਚੰਗੀ ਚੜਤ ਕਾਇਮ ਕਰ ਦਿੱਤੀ ਸੀ । ਇੱਥੋਂ ਤੱਕ ਕੀ ਹਰੇਕ ਥਾਣੇ, ਕਚਹਿਰੀ ਅਤੇ ਸਰਕਾਰੀ ਦਫਤਰ ਵਿੱਚ ਮੇਰੀ ਬੱਲੇ-ਬੱਲੇ ਹੁੰਦੀ ਸੀ । ਮੈਨੂੰ ਹਮੇਸ਼ਾ ਇਹ ਲੱਗਦਾ ਸੀ ਕਿ ਮੈਂ ਇੰਨੇ ਉੱਚੇ ਮੁਕਾਮ ਤੇ ਪਹੁੰਚ ਗਿਆ ਹਾਂ ਕਿ ਮੇਰੇ ਨਾਲ ਸਕੂਲ ਪੜਨ ਵਾਲੇ ਦੋਸਤ ਤਾਂ ਸਿਰਫ ਆਪਣੇ ਘਰ ਦੀ ਦੋ ਡੰਗ ਦੀ ਰੋਟੀ ਦਾ ਗੁਜ਼ਾਰਾ ਚਲਾਉਣ ਲਈ ਧੱਕੇ ਖਾਂਦੇ ਹਨ । ਹਰ ਉਹ ਇਨਸਾਨ ਜਿਹੜਾ ਨਸ਼ੇ ਦੇ ਦਲਦਲ ਵਿੱਚ ਡੁੱਬਿਆ ਹੋਇਆ ਸੀ ਮੈਂ ਉਸਦਾ ਸਹਾਰਾ ਬਣਦਾ ਸੀ । ਖੁੱਲਾ ਪੈਸਾ ਅਤੇ ਨਸ਼ੇ ਦੇ ਸੌਦਾਗਰਾਂ ਨਾਲ ਮਿਲਣ ਵਰਤਣ ਆਮ ਹੀ ਲੱਗਾ ਰਹਿੰਦਾ ਸੀ । ਸਮਾਜ ਦੇ ਬਹੁਤ ਸਾਰੇ ਲੋਕ ਮੇਰੇ ਸੁੰਦਰ ਪਹਿਰਾਵੇ ਕਾਰਨ ਮੈਨੂੰ ਨਫਰਤ ਕਰਦੇ ਸਨ । ਉਹ ਇਹ ਗੱਲਾਂ ਕਰਦੇ ਹੋਏ ਆਮ ਹੀ ਸੁਣਾਈ ਦਿੰਦੇ ਸਨ ਕਿ, “ਇਕੱਲਾ ਇਕੱਲਾ ਪੁੱਤਰ ਹੈ ਮਾਪਿਆਂ ਦਾ ਅਤੇ ਨਸ਼ੇ ਦਾ ਸਮਗਲਰ ਬਣਿਆ ਹੋਇਆ ਹੈ ।” ਮੇਰੇ ਪਿੰਡ ਦੇ ਬਹੁਤੇ ਲੋਕ ਮੇਰੀ ਸੌਖਾਲੀ ਜ਼ਿੰਦਗੀ ਹੋਣ ਕਾਰਨ ਮੇਰੇ ਤੋਂ ਨਫਰਤ ਕਰਦੇ ਸਨ । ਉਹ ਇਹ ਚਾਹੁੰਦੇ ਸਨ ਕਿ ਮੈਂ ਵੀ ਆਪਣੇ ਮਾਂ-ਬਾਪ ਵਾਂਗੂੰ ਕਮਾਊ ਇਨਸਾਨ ਬਣਾਂ । ਪਰ ਕਦ ਇਹ ਨਸ਼ਾ ਮੈਨੂੰ ਖੁਦ ਨੂੰ ਹੀ ਵੱਢ ਵੱਢ ਕੇ ਖਾਣ ਲੱਗ ਪਿਆ ਮੈਨੂੰ ਪਤੀ ਹੀ ਨਹੀਂ ਚੱਲਿਆ । ਮੈਨੂੰ ਮੇਰੀ ਦੌਲਤ ਅਤੇ ਸ਼ੌਹਰਤ ਦਾ ਹੱਦੋਂ ਵੱਧ ਗਰੂਰ ਹੁੰਦਾ ਸੀ । ਮੈਂ ਕਈ ਵਾਰ ਨਸ਼ੇ ਦੀ ਸਮਗਲਿੰਗ ਕਰਦੇ ਹੋਏ ਫੜਿਆ ਵੀ ਗਿਆ ਪਰ ਉੱਚੇ ਅਫਸਰਾਂ ਦੀ ਸ਼ਹਿ ਤੇ ਮੈਂ ਹਮੇਸ਼ਾ ਹੀ ਛੁੱਟ ਜਾਂਦਾ ਸੀ । ਮੈਂ ਬਚਪਨ ਵਿੱਚ ਕਦੇ ਨਹੀਂ ਸੋਚਿਆ ਸੀ ਕਿ ਮੈਂ ਵੱਡਾ ਹੋ ਕੇ ਨਸ਼ੇੜੀ ਅਤੇ ਸਮਗਲਰ ਬਣਾਂਗਾ । ਕਈ ਲੋਕ ਮੇਰੇ ਮਾੜੇ ਵਰਤਾਓ ਕਾਰਨ ਜਿੱਥੇ ਵੀ ਮੈਂ ਜਾਂਦਾ ਸੀ ਉੱਥੋਂ ਉੱਠ ਕੇ ਕਿਤੇ ਦੂਰ ਚਲੇ ਜਾਂਦੇ ਸਨ । ਹੋਰ ਤਾਂ ਹੋਰ ਪੁਲਿਸ ਥਾਣੇ, ਕਚਹਿਰੀਆਂ ਅਤੇ ਸੁਧਾਰ ਘਰਾਂ ਵਿੱਚ ਮੇਰੀ ਚਰਚਾ ਆਮ ਹੀ ਚੱਲਦੀ ਰਹਿੰਦੀ ਸੀ । ਅੰਤ ਮੈਂ ਕਦੇ ਵੀ ਇੰਝ ਨਹੀਂ ਮਹਿਸੂਸ ਕੀਤਾ ਸੀ ਕਿ ਮੇਰੇ ਭੈੜੇ ਕੰਮਾਂ ਦਾ ਆਉਣ ਵਾਲੀ ਪੀੜੀ ਤੇ ਕਿ ਅਸਰ ਪਵੇਗਾ ।

ਮੈਂ ਬਹੁਤ ਵਾਰ ਇਸ ਨਸ਼ੇ ਦੇ ਭੈੜੇ ਕਾਰੋਬਾਰ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਵੀ ਕੀਤੀ ਪਰ ਮੈਂ ਕਦੇ ਵੀ ਆਪਣੇ ਨਸ਼ੇੜੀ ਸੱਜਣਾਂ-ਮਿੱਤਰਾਂ ਦਾ ਸਾਥ ਨਾ ਛੱਡ ਪਾਇਆ । ਮੇਰੀ ਜ਼ਿੰਦਗੀ ਵਿੱਚ ਹਮੇਸ਼ਾ ਚੰਗੇ ਦੋਸਤਾਂ ਦੀ ਘਾਟ ਸੀ । ਮੈਂ ਲੱਖਾਂ ਹੀ ਜਵਾਨ ਮੁੰਡਿਆਂ ਦੀ ਮੌਤ ਦਾ ਕਾਰਨ ਬਣਿਆ । ਮੇਰੇ ਬੁਰੇ ਕੰਮਾਂ ਦਾ ਹਮੇਸ਼ਾ ਹੀ ਸਮਾਜ ਉੱਤੇ ਮਾੜਾ ਅਸਰ ਪੈਂਦਾ ਸੀ । ਮੇਰੇ ਨਸ਼ੇ ਵਾਲੇ ਧੰਦੇ ਬਾਰੇ ਕਈ ਜਵਾਨ ਮੁੰਡੇ ਅਤੇ ਕੁੜੀਆਂ ਆਮ ਹੀ ਜਾਣਦੇ ਸਨ । ਅੰਤ ਅੱਜ ਮੈਂ ਬਦਲਣਾ ਚਾਹੁੰਦਾ ਹਾਂ ਪਰ ਮੇਰੇ ਦੁਆਰਾ ਸਮਾਜ ਵਿੱਚ ਪੈਦਾ ਕੀਤੀ ਹੋਈ ਇਜ਼ੱਤ ਅਤੇ ਰੁਤਬਾ ਮੈਨੂੰ ਬਦਲਣ ਨਹੀਂ ਦਿੰਦਾ । ਮੈਂ ਕਈ ਵਾਰ ਆਪਣੇ ਆਪ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਨਾਂ ਭੈੜੇ ਕੰਮਾਂ ਦਾ ਨਤੀਜਾ ਤਾਂ ਆਮ ਤੌਰ ਤੇ ਮੌਤ ਹੀ ਹੁੰਦਾ ਹੈ । ਪਰ ਮੇਰੇ ਅਤੀਤ ਦਾ ਪਰਛਾਵਾਂ ਮੈਨੂੰ ਬਦਲਣ ਵਿੱਚ ਸਭ ਤੋਂ ਵੱਡੀ ਰੁਕਾਵਟ ਪੈਦਾ ਕਰਦਾ ਹੈ । ਸ਼ਾਇਦ ਮੈਂ ਜਿਹੜੇ ਮਾੜੇ ਕੰਮ ਕੀਤੇ ਹਨ ਮੈਂ ਉਨਾਂ ਨੂੰ ਕਦੇ ਵੀ ਭੁੱਲਾ ਨਹੀਂ ਸਕਦਾ ਹਾਂ । ਅੱਜ ਮੈਨੂੰ ਆਪਣੇ ਕੀਤੇ ਹੋਏ ਬੁਰੇ ਕੰਮਾਂ ਦਾ ਬਹੁਤ ਪਛਤਾਵਾ ਹੈ । ਮੇਰੇ ਮਾਂ-ਬਾਪ ਵੀ ਇਹੀ ਚਾਹੁੰਦੇ ਹਨ ਕਿ ਮੈਂ ਇਸ ਨਸ਼ੇ ਦੀ ਖੌਫਨਾਕ ਜ਼ਿੰਦਗੀ ਚੋਂ ਬਾਹਰ ਨਿਕਲ ਆਵਾਂ । ਪਰ ਆਖਿਰ ਵਿੱਚ ਮੇਰੇ ਕੋਲ ਇਸ ਦਲਦਲ ਚੋਂ ਬਾਹਰ ਨਿਕਲਣ ਦਾ ਕੋਈ ਅਸਲ ਮਕਸਦ ਨਹੀਂ ਹੈ । ਅੱਜ ਮੈਂ ਆਪਣੀ ਜ਼ਿੰਦਗੀ ਸਿਰਫ ਇਹ ਸੋਚ ਕੇ ਗੁਜ਼ਾਰ ਰਿਹਾ ਹਾਂ ਕਿ ਇਕ ਦਿਨ ਮੇਰੀ ਕਿਸਮਤ ਦਾ ਦਰਵਾਜ਼ਾ ਜ਼ਰੂਰ ਖੁੱਲੇਗਾ ਜਦ ਮੈਂ ਇਕ ਜ਼ਿੰਮੇਵਾਰ ਨਾਗਰਿਕ ਬਣ ਪਾਵਾਂਗਾ । ਮੈਂ ਇਸ ਨਸ਼ੇ ਦੇ ਕੋਹੜ ਵਿੱਚ ਫਸੇ ਹਰ ਉਹ ਵਿਅਕਤੀ ਦੀ ਮਦਦ ਕਰ ਪਾਵਾਂਗਾ ਜੋ ਆਪਣਾ ਸਭ ਕੁਝ ਨਸ਼ੇ ਦੀ ਖਾਤਰ ਗਵਾ ਚੁੱਕਾ ਹੈ ।

ਅੱਜ ਮੈਨੂੰ ਇਹ ਅਹਿਸਾਸ ਹੁੰਦਾ ਹੈ ਕਿ ਮੇਰੇ ਕਰਕੇ ਕਿੰਨੇ ਘਰ ਬਰਬਾਦ ਹੋ ਗਏ ਹਨ ਅਤੇ ਮੈਂ ਹੀ ਇਸ ਸਭ ਦਾ ਅਸਲ ਦੋਸ਼ੀ ਹਾਂ । ਮੈਂ ਆਪਣੀ ਜ਼ਿੰਦਗੀ ਦਾ ਹਰ ਉਹ ਪਲ ਤਬਾਹ ਕਰ ਲਿਆ ਹੈ ਜਿਸ ਬਾਰੇ ਮੈਂ ਕਦੇ ਕਲਪਨਾ ਨਹੀਂ ਕੀਤੀ ਸੀ । ਰੱਬ ਵੱਲੋਂ ਮਿਲੀ ਹੋਈ ਅਨਮੋਲ ਜ਼ਿੰਦਗੀ ਨੂੰ ਮੈਂ ਨਸ਼ੇ ਕਰਕੇ ਮਿੱਟੀ ਵਿੱਚ ਰੁਲਾ ਦਿੱਤਾ ਹੈ । ਮੇਰੇ ਲਈ ਨਸ਼ੇ ਦੀ ਸ਼ਰੂਆਤ ਤਾਂ ਬਹੁਤ ਹੀ ਸੌਖਾਲੀ ਹੋਈ ਸੀ, ਪਰ ਅੱਜ ਮੈਨੂੰ ਇਸ ਤੋਂ ਬਾਹਰ ਨਿਕਲਣ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸ਼ਾਇਦ ਮੈਨੂੰ ਕਦੇ ਵੀ ਇਸ ਤੋਂ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲੇਗਾ ਕਿਉਂਕਿ ਮੈਂ ਆਪਣੀ ਜ਼ਿੰਦਗੀ ਇੱਥੋਂ ਤੱਕ ਨਸ਼ਟ ਕਰ ਲਈ ਹੈ ਕਿ ਹਰ ਇਨਸਾਨ ਮੈਨੂੰ ਮਾੜੇ ਨਜ਼ਰੀਏ ਨਾਲ ਵੇਖਦਾ ਹੈ । ਮੇਰੇ ਪਿੰਡ ਦੇ ਲੋਕ ਵੀ ਮੇਰੇ ਤੋਂ ਇੰਨੇ ਪਰੇਸ਼ਾਨ ਹਨ ਕਿ ਉਹ ਚਾਹੁੰਦੇ ਹਨ ਕਿ ਮੈਂ ਪਿੰਡ ਛੱਡ ਕੇ ਦੂਰ ਚਲੇ ਜਾਵਾਂ ਤਾਂ ਕਿ ਆਉਣ ਵਾਲ਼ੀ ਪੀੜੀ ਦਾ ਭਵਿੱਖ ਬਚ ਸਕੇ ।

ਕਾਸ਼ ਮੈਂ ਉਸ ਵਕਤ ਹੀ ਸੰਭਲ ਜਾਂਦਾ ਜਦ ਮੈਂ ਹਾਲੇ ਸ਼ਰਾਬ ਦੇ ਸ਼ਰੂਆਤੀ ਦੌਰ ਵਿੱਚੋਂ ਲੰਘ ਰਿਹਾ ਸੀ । ਮੈਂ ਕਦੇ ਵੀ ਨਸ਼ੇੜੀ ਅਤੇ ਨਸ਼ਿਆਂ ਦਾ ਸਮਗਲਰ ਨਾ ਬਣਦਾ ਜੇਕਰ ਮੇਰੇ ਮਾਂ-ਬਾਪ ਮੈਨੂੰ ਅੱਲੜ ਉਮਰ ਵਿੱਚ ਇਕੱਲਿਆਂ ਛੱਡ ਕੇ ਵਲੈਤ ਨਾ ਜਾਂਦੇ । ਮੈਨੂੰ ਤਦ ਆਪਣੀ ਗਲਤੀ ਦਾ ਅਹਿਸਾਸ ਹੋਇਆ ਜਦ ਪਾਣੀ ਸਿਰੋਂ ਲੰਘ ਚੁੱਕਾ ਸੀ । ਅੱਜ ਮੇਰੇ ਲਈ ਇਸ ਵਹਿੰਦੇ ਦਰਿਆ ਚੋਂ ਬਾਹਰ ਨਿਕਲ ਕੇ ਆਉਣਾ ਬਹੁਤ ਹੀ ਔਖਾ ਹੋ ਗਿਆ ਹੈ । ਸ਼ਾਇਦ ਜਿਸ ਵਕਤ ਮੈਂ ਹਾਲੇ ਸਕੂਲ ਵਿੱਚ ਪੜਦਾ ਸੀ ਮੈਂ ਆਪਣੇ ਆਪ ਨੂੰ ਇਸ ਕਾਬਿਲ ਬਣਾ ਲੈਂਦਾ ਕਿ ਚੰਗੇ ਦੋਸਤਾਂ ਨਾਲ ਮਿਲਣ ਵਰਤਣ ਰੱਖਦਾ ਤਾਂ ਜੋ ਮੈਂ ਜ਼ਿੰਦਗੀ ਵਿੱਚ ਕਾਮਯਾਬ ਅਤੇ ਚੰਗਾ ਇਨਸਾਨ ਬਣ ਪਾਉਂਦਾ । ਪਰ ਮਾਂ-ਬਾਪ ਦੇ ਪਿਆਰ ਦੀ ਕਮੀ ਹੋਣ ਕਾਰਨ ਮੈਂ ਹਮੇਸ਼ਾ ਹੀ ਆਪਣੇ ਆਪ ਨੂੰ ਇਕੱਲਾ ਅਤੇ ਬੇਵੱਸ ਪਾਉਂਦਾ ਸੀ । ਮੈਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਜ਼ਿੰਦਗੀ ਵਿੱਚ ਸੁਧਰਨ ਦਾ ਮੌਕਾ ਗਵਾ ਲਿਆ ਹੈ । ਬਜਾਏ ਮਾੜੀ ਸੰਗਤ ਵਿੱਚ ਫਸਣ ਦੇ ਮੈਨੂੰ ਆਪਣੇ ਮਾਂ-ਬਾਪ ਲਈ ਜ਼ਿੰਮੇਵਾਰ ਪੁੱਤ ਬਣਨਾ ਚਾਹੀਦਾ ਸੀ । ਇੱਥੋਂ ਤੱਕ ਕਿ ਮੈਨੂੰ ਜ਼ਿੰਦਗੀ ਵਿੱਚ ਕਦੇ ਚੰਗੇ ਦੋਸਤ ਹੀ ਨਹੀਂ ਮਿਲੇ ਜੋ ਮੇਰੇ ਨਸ਼ੇੜੀ ਜੀਵਨ ਦੇ ਦਰਦ ਨੂੰ ਮਹਿਸੂਸ ਕਰ ਸਕਣ । ਮੈਂ ਨਸ਼ਿਆਂ ਦੀ ਦਲਦਲ ਵਿੱਚ ਫਸਿਆ ਹੋਇਆ ਇੰਨੀ ਦੂਰ ਪਹੁੰਚ ਗਿਆ ਹਾਂ ਕਿ ਮੇਰੇ ਲਈ ਮੁੜ ਕੇ ਆਉਣਾ ਬਹੁਤ ਹੀ ਔਖਾ ਹੋ ਗਿਆ ਹੈ ।

ਅੰਤ ਮੈਂ ਰੱਬ ਅੱਗੇ ਹਰ ਵਕਤ ਇਹੀ ਅਰਦਾਸ ਕਰਦਾ ਹਾਂ ਕਿ ਹੇ ਰੱਬਾ ! ਮੈਨੂੰ ਇੱਕ ਵਾਰ ਇਸ਼ ਡੁੱਬਦੀ ਹੋਈ ਬੇੜੀ ਵਿੱਚੋਂ ਬਾਹਰ ਨਿਕਲਣ ਦਾ ਮੌਕਾ ਜ਼ਰੂਰ ਬਖਸ਼ । ਪਰ ਮੈਨੂੰ ਕਿਸੇ ਦੇ ਚੰਗੇ ਸਾਥ ਦੀ ਸਹਾਇਤਾ ਦੀ ਬਹੁਤ ਲੋੜ ਹੈ ਜੇਕਰ ਮੈਂ ਨਸ਼ੇ ਦੇ ਇਸ ਨਰਕ ਵਿੱਚੋਂ ਬਾਹਰ ਨਿਕਲਣਾ ਹੈ । ਮੈਂ ਜ਼ਿੰਦਗੀ ਵਿੱਚ ਹੋਰ ਘਰ ਉਜਾੜਨੇ ਨਹੀਂ ਚਾਹੁੰਦਾ ਹਾਂ । ਅੱਜ ਚੜਦੀ ਜਵਾਨੀ ਦਾ ਨਸ਼ਿਆਂ ਦਾ ਇਹ ਭੈੜਾ ਦੌਰ ਮੇਰੇ ਕੋਲੋਂ ਮੇਰੀ ਜ਼ਿੰਦਗੀ ਦਾ ਹਰ ਕੀਮਤੀ ਸੁੱਖ ਖੋਹ ਕੇ ਲੈ ਗਿਆ ਹੈ । ਮੈਂ ਇਕੱਲਾ ਤਾਂ ਇਸ ਮਾੜੇ ਦੌਰ ਚੋਂ ਬਾਹਰ ਨਿਕਲ ਕੇ ਨਹੀਂ ਆ ਸਕਦਾ ਇਸ ਲਈ ਮੈਨੂੰ ਰੱਬ ਦੀ ਓਟ ਅਤੇ ਮਿਹਰ ਦੀ ਲੋੜ ਹੈ ।

ਸਾਡੇ ਵਾਲੰਟੀਅਰਾਂ ਨਾਲ ਸੰਪਰਕ ਕਰੋ

ਤੁਹਾਡੀ ਸਲਾਹ ਮਸ਼ਵਰਾ ਬਿਲਕੁਲ ਮੁਫਤ ਹੈ - ਆਓ ਗੱਲ ਕਰੀਏ!

ਕੋਈ ਸਵਾਲ ?

 
ਜੇਕਰ ਤੁਹਾਡੇ ਕੋਲ ਸਾਡੇ ਪੋ੍ਗਰਾਮ ਪ੍ਤਤੀ ਕਿਸੇ ਵੀ ਪ੍ਰਕਾਰ ਦਾ ਸਵਾਲ ਹਨ ਤਾਂ ਬੇਝਿਜਕ ਪੁੱਛੋ।

ਅਸੀਂ ਤੁਹਾਡੀ ਮਦਦ ਲਈ ਹੀ ਉਪਲਬਲਧ ਹਾਂ।

ਸਾਡੀ ਮੁੱਖ ਤੌਰ ਤੇ ਮੌਜੂਦਗੀ ਤੁਹਾਡੀ ਸਹਾਇਤਾ, ਸਹਿਯੋਗ ਅਤੇ ਸਵਾਲਾਂ ਦੇ ਜਵਾਬ ਦੇਣ ਲਈ ਹੀ ਹੈ।

ਜੇ ਤੁਹਾਨੂੰ ਲਗਦਾ ਹੈ ਕਿ ਤੁਹਾਨੂੰ ਤੁਰੰਤ ਸਹਾਇਤਾ ਦੀ ਜ਼ਰੂਰਤ ਹੈ, ਤਾਂ 911 'ਤੇ ਕਾਲ ਕਰੋ ਜਾਂ ਆਪਣੀ ਸਥਾਨਕ ਹੈਲਪਲਾਈਨ ਤੇ ਸੰਪਰਕ ਕਰੋ.

ਫੋਨ

+1 778 381 5686

ਈ - ਮੇਲ

care@soberlife.ca
Copyright © 2020 SoberLife Foundation. All rights reserved.